ਰਾਮ ਨਰੇਸ਼ ਤ੍ਰਿਪਾਠੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮ ਨਰੇਸ਼ ਤ੍ਰਿਪਾਠੀ (1889–1982) : ਹਿੰਦੀ ਸਾਹਿਤ ਦੇ ਖੇਤਰ ਵਿੱਚ ਰਾਮ ਨਰੇਸ਼ ਤ੍ਰਿਪਾਠੀ ਇੱਕ ਉੱਘਾ ਨਾਂ ਹੈ। ਤ੍ਰਿਪਾਠੀ ਦਾ ਜਨਮ ਜ਼ਿਲ੍ਹਾ ਜੌਨਪੁਰ ਵਿਖੇ ਪਿੰਡ ਕੋਇਰੀਪੁਰ ਵਿੱਚ 1889 ਵਿੱਚ ਹੋਇਆ। ਅਰੰਭਿਕ ਸਿੱਖਿਆ ਪਿੰਡ ਦੀ ਪਾਠਸ਼ਾਲਾ ਵਿੱਚ ਹੀ ਹੋਈ। ਬਚਪਨ ਤੋਂ ਹੀ ਉਸ ਨੂੰ ਕਵਿਤਾ ਲਿਖਣ ਵਿੱਚ ਰੁਚੀ ਸੀ। ਅੰਗਰੇਜ਼ੀ ਦੀ ਸਿੱਖਿਆ ਨੌਂਵੀਂ ਜਮਾਤ ਤੱਕ ਹੀ ਪ੍ਰਾਪਤ ਕੀਤੀ। ਹਿੰਦੀ ਭਾਸ਼ਾ ਦਾ ਵਿਸ਼ੇਸ਼ ਅਧਿਐਨ ਕੀਤਾ ਅਤੇ ਇਸ ਨੂੰ ਵਿਆਕਰਨ ਦੇ ਆਧਾਰ ਤੇ ਸ਼ੁੱਧ ਰੂਪ ਵਿੱਚ ਪ੍ਰਯੋਗ ਕਰਨ ਤੇ ਬਲ ਦਿੱਤਾ। ਲਗਪਗ ਬਾਈ ਵਰ੍ਹਿਆਂ ਦੀ ਉਮਰ ਤੋਂ ਹੀ ਉਸ ਨੇ ਕਾਵਿ-ਰਚਨਾ ਦੀ ਸ਼ੁਰੂਆਤ ਕੀਤੀ। ਤ੍ਰਿਪਾਠੀ ਹਿੰਦੀ ਸਾਹਿਤ ਦੇ ਆਧੁਨਿਕ ਕਾਵਿ-ਧਾਰਾ ਦੇ ਦ੍ਵਿਵੇਦੀ- ਯੁੱਗ ਅਤੇ ਛਾਇਆਵਾਦ ਯੁੱਗ ਦੇ ਮੇਲ ਦੀ ਕੜੀ ਹੈ। ਉਸ ਦਾ ਸਵਰਗਵਾਸ 1982 ਵਿੱਚ ਹੋਇਆ।

     ਸ੍ਰੀਧਰ ਪਾਠਕ ਨੇ ‘ਸਵਛੰਦਤਾਵਾਦ’ ਨੂੰ ਜਨਮ ਦਿੱਤਾ ਪਰ ਉਸ ਨੂੰ ਵਿਕਾਸ ਰਾਮ ਨਰੇਸ਼ ਤ੍ਰਿਪਾਠੀ ਨੇ ਪ੍ਰਦਾਨ ਕੀਤਾ। ਦੇਸ-ਪ੍ਰੇਮ ਅਤੇ ਰਾਸ਼ਟਰੀਅਤਾ ਉਸ ਦੀ ਕਾਵਿ- ਰਚਨਾ ਦਾ ਮੁੱਖ ਵਿਸ਼ਾ ਰਿਹਾ ਹੈ। ਪ੍ਰਕਿਰਤੀ ਵਰਣਨ ਵਿੱਚ ਉਸ ਦੀ ਖ਼ਾਸ ਰੁਚੀ ਸੀ। ਆਪਣੇ ਜੀਵਨ ਦੇ ਅਨੁਭਵਾਂ ਦੇ ਆਧਾਰ ਤੇ ਤ੍ਰਿਪਾਠੀ ਨੇ ਆਪਣੀ ਕਵਿਤਾ ਨੂੰ ਬਹੁਤ ਸੁਹਜਮਈ ਢੰਗ ਨਾਲ ਪੇਸ਼ ਕੀਤਾ।

     ਰਾਮ ਨਰੇਸ਼ ਤ੍ਰਿਪਾਠੀ ਦੀਆਂ ਚਾਰ ਰਚਨਾਵਾਂ ਪ੍ਰਮੁਖ ਰੂਪ ਵਿੱਚ ਚਰਚਿਤ ਹਨ-ਮਿਲਨ (1917), ਪਥਿਕ (1920), ਮਾਨਸੀ (1927) ਅਤੇ ਸਵਪਨ (1929)। ਇਹਨਾਂ ਕਾਵਿ-ਰਚਨਾਵਾਂ ਵਿੱਚੋਂ ਮਾਨਸੀ ਫੁਟਕਲ ਕਵਿਤਾਵਾਂ ਦਾ ਸੰਗ੍ਰਹਿ ਹੈ ਅਤੇ ਬਾਕੀ ਤਿੰਨ ਕਿਰਤਾਂ ਪ੍ਰੇਮ-ਕਿੱਸਿਆਂ ਦੇ ਖੰਡ-ਕਾਵਿ ਹਨ। ਇਹ ਖੰਡ-ਕਾਵਿ ਕਿਸੇ ਪੌਰਾਣਿਕ ਜਾਂ ਇਤਿਹਾਸਿਕ ਕਥਾ-ਸੂਤਰਾਂ ਤੇ ਆਧਾਰਿਤ ਨਹੀਂ ਹਨ ਬਲਕਿ ਉਸ ਕਵੀ ਨੇ ਅਨੋਖੀ ਕਲਪਨਾ ਸ਼ਕਤੀ ਦੇ ਨਾਲ ਮੌਲਿਕ ਕਥਾਵਾਂ ਦਾ ਸਿਰਜਣ ਕੀਤਾ। ਮਿਲਨ ਅਤੇ ਪਥਿਕ ਦੇਸ ਭਰ ਵਿੱਚ ਘੁੰਮ ਕੇ ਪ੍ਰਕਿਰਤੀ ਅਤੇ ਜਨਸਮਾਜ ਦੇ ਨੇੜੇ ਹੋਇਆ ਹੈ। ਮਿਲਨ ਵਿੱਚ ਵਿਦੇਸ਼ੀ ਰਾਜ ਦਾ ਵਰਣਨ ਕਰਦੇ ਹੋਏ ਆਪਣੇ ਦੇਸ ਦੀ ਉੱਨਤੀ ਦੇ ਪ੍ਰਯਤਨ ਹਨ। ਪਥਿਕ ਵਿੱਚ ਕਠੋਰ ਇਕਤੰਤਰ ਤੋਂ ਮੁਕਤੀ ਪ੍ਰਾਪਤ ਕਰਨ ਲਈ ਬਲੀਦਾਨ ਦੀ ਕਹਾਣੀ ਹੈ। ਤੀਜੇ ਕਾਵਿ-ਖੰਡ ਸਵਪਨ ਵਿੱਚ ਹਮਲਾਵਰ ਦੁਸ਼ਮਣਾਂ ਤੋਂ ਦੇਸ ਦੀ ਰੱਖਿਆ ਦੀ ਕਹਾਣੀ ਦੱਸੀ ਗਈ ਹੈ। ਇਹ ਰਚਨਾ ਮਨਮੋਹਣੀ ਅਤੇ ਮਨੋ- ਵਿਗਿਆਨਿਕ ਹੈ।

     ਇਹਨਾਂ ਖੰਡ-ਕਾਵਿ ਕਿਰਤਾਂ ਨਾਲ ਲੋਕਤੰਤਰ ਦੇ ਮਾਰਗ ਵਿੱਚ ਆਉਣ ਵਾਲੇ ਤਿੰਨ ਮੁੱਖ ਖ਼ਤਰਿਆਂ ਦਾ ਵਰਣਨ ਕੀਤਾ ਗਿਆ ਹੈ। ਇਹ ਖ਼ਤਰੇ ਹਨ-ਵਿਦੇਸ਼ੀ ਸ਼ਾਸਨ, ਇਕਤੰਤਰ ਅਤੇ ਹਮਲਾਵਰ ਸ਼ਾਸਕ। ਇਹਨਾਂ ਨੂੰ ਕਾਵਿ-ਰਚਨਾਵਾਂ ਦਾ ਵਿਸ਼ਾ ਬਣਾਉਣਾ ਤ੍ਰਿਪਾਠੀ ਦੀ ਗਹਿਰੀ ਅਤੇ ਨਿਪੁੰਨ ਸੋਚ ਦਾ ਹੀ ਨਤੀਜਾ ਸੀ। ਦੇਸ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰ ਕੇ ਦੇਸ ਦੇ ਵਿਸ਼ੇ    ਵਿੱਚ ਸੋਚਣ ਲਈ ਮਜਬੂਰ ਕਰਨਾ ਵੀ ਤ੍ਰਿਪਾਠੀ ਦਾ ਰਚਨਾਤਮਿਕ ਦ੍ਰਿਸ਼ਟੀਕੋਣ ਹੀ ਸੀ।

     ਦੇਸ-ਪ੍ਰੇਮੀ ਤੋਂ ਇਲਾਵਾ ਤ੍ਰਿਪਾਠੀ ਪ੍ਰਕਿਰਤੀ ਦਾ ਸਫਲ ਚਿਤੇਰਾ ਵੀ ਸੀ। ਪ੍ਰਕਿਰਤੀ ਦਾ ਵਿਆਪਕ ਅਤੇ ਅਨੋਖਾ ਵਰਣਨ ਉਸ ਦੀ ਕਾਵਿ-ਕੁਸ਼ਲਤਾ ਦਾ ਪ੍ਰਤੀਕ ਹੈ। ਪ੍ਰਕਿਰਤੀ ਵਰਣਨ ਦੇ ਸੁਹਜ ਸ਼ਬਦ-ਚਿੱਤਰਾਂ ਵਿੱਚ ਕਿਤੇ- ਕਿਤੇ ਛਾਇਆਵਾਦ ਦੀ ਝਲਕ ਵੀ ਪ੍ਰਾਪਤ ਹੁੰਦੀ ਹੈ। ਪਥਿਕ ਖੰਡ-ਕਾਵਿ ਦੀਆਂ ਹੇਠ ਲਿਖੀਆਂ ਸਤਰਾਂ ਉਦਾਹਰਨ ਵਜੋਂ ਲੈ ਸਕਦੇ ਹਾਂ :

ਪ੍ਰਤਿ ਕਸਣ ਨੂਤਨ ਵੇਸ਼ ਬਨਾਕਰ

ਰੰਗ-ਬਿਰੰਗ ਨਿਰਾਲਾ

ਰਵੀ ਕੇ ਸਮੁੱਖ ਥਿਰਕ ਰਹੀ ਹੈ

          ਨਭ ਮੇਂ ਵਾਰਿਦ ਮਾਲਾ।

     ਉਸ ਨੇ ਪ੍ਰਕਿਰਤੀ ਵਰਣਨ ਅਤੇ ਦੇਸ-ਭਗਤੀ ਵਰਣਨ ਸੁਹਜਮਈ ਢੰਗ ਨਾਲ ਕੀਤਾ ਹੈ। ਖੜੀ ਬੋਲੀ ਹਿੰਦੀ ਦਾ ਸਹਿਜ ਅਤੇ ਸ਼ੁੱਧ ਪ੍ਰਯੋਗ ਉਸ ਦੀਆਂ ਰਚਨਾਵਾਂ ਦੀ ਵਿਸ਼ੇਸ਼ਤਾ ਹੈ। ਭਾਸ਼ਾ ਦੇ ਸ਼ੁੱਧ ਰੂਪ ਵਿੱਚ ਕਾਵਿ-ਕਿਰਤਾਂ ਰਚ ਕੇ ਉਸ ਨੇ ਆਉਣ ਵਾਲੇ ਕਵੀ ਵਰਗ ਨੂੰ ਸ਼ੁੱਧ ਭਾਸ਼ਾ ਦੇ ਪ੍ਰਯੋਗ ਦੀ ਪ੍ਰੇਰਨਾ ਦਿੱਤੀ ਹੈ।

     ਕਾਵਿ-ਰਚਨਾ ਤੋਂ ਇਲਾਵਾ ਤ੍ਰਿਪਾਠੀ ਨੇ ਨਾਵਲ, ਨਾਟਕ, ਆਲੋਚਨਾ ਅਤੇ ਟੀਕੇ ਵੀ ਲਿਖੇ ਹਨ। ਉਸ ਦੁਆਰਾ ਲਿਖੇ ਗਏ ਤਿੰਨ ਨਾਵਲ ਵੀਰਾਂਗਨਾ (1911), ਵੀਰਬਾਲਾ (1911) ਅਤੇ ਲਕਸ਼ਮੀ (1924) ਵਿਸ਼ੇਸ਼ ਰੂਪ ਨਾਲ ਵਰਣਨਯੋਗ ਹਨ।

     ਨਾਟਕ ਦੇ ਖੇਤਰ ਵਿੱਚ ਤਿੰਨ ਪ੍ਰਸਿੱਧ ਨਾਟਕ ਹਨ-ਸੁਭੱਦਰਾ (1924), ਜਯੰਤ (1933) ਅਤੇ ਪ੍ਰੇਮ ਲੋਕ (1934)। ਇਸ ਤੋਂ ਇਲਾਵਾ ਆਲੋਚਨਾ ਦੇ ਖੇਤਰ ਵਿੱਚ ਤੁਲਸੀਦਾਸ ਔਰ ਉਨਕੀ ਕਵਿਤਾ ਅਤੇ ਹਿੰਦੀ ਸਾਹਿਤਯ ਕਾ ਸੰਕਸ਼ਿਪਤ ਇਤਿਹਾਸ ਵਿਚਾਰਯੋਗ ਰਚਨਾਵਾਂ ਹਨ। ਟੀਕਾਕਾਰ ਦੇ ਰੂਪ ਵਿੱਚ ਰਾਮਚਰਿਤਮਾਨਸ ਕੀ ਟੀਕਾ ਵਿਸ਼ੇਸ਼ ਰੂਪ ਨਾਲ ਪ੍ਰਸਿੱਧ ਹੈ। ਤੀਸ ਦਿਨ ਮਾਲਵੀਯ ਜੀ ਕੇ ਸਾਥ ਤ੍ਰਿਪਾਠੀ ਦੀ ਸੰਸਮਰਨਾਤਮਿਕ ਕਿਰਤ ਹੈ।

     ਉਸ ਨੇ ਸਾਹਿਤ-ਰਚਨਾ ਦੇ ਨਾਲ-ਨਾਲ ਸੰਪਾਦਨ ਦਾ ਕਾਰਜ ਵੀ ਕੀਤਾ। 1924 ਵਿੱਚ ਉਸ ਨੇ ਹਿੰਦੀ, ਉਰਦੂ, ਸੰਸਕ੍ਰਿਤ ਅਤੇ ਬੰਗਲਾ ਦੀਆਂ ਕਵਿਤਾਵਾਂ ਨੂੰ ਇਕੱਤਰ ਕਰ ਕੇ ਇਹਨਾਂ ਦਾ ਸੰਪਾਦਨ ਕੀਤਾ। ਇਹ ਅੱਠ-ਭਾਗਾਂ ਵਿੱਚ ਕਵਿਤਾ-ਕੌਮਦੀ ਦੇ ਨਾਂ ਨਾਲ ਪ੍ਰਕਾਸ਼ਿਤ ਹੋਇਆ। ਇਸ ਦਾ ਇੱਕ ਭਾਗ ‘ਪੇਂਡੂ-ਗੀਤਾਂ’ ਦਾ ਹੈ। ਤ੍ਰਿਪਾਠੀ ਨੇ 1931 ਤੋਂ 1941 ਤੱਕ ਬੱਚਿਆਂ ਦੀ ਇੱਕ ਪਤ੍ਰਿਕਾ ਵਾਨਰ ਦਾ ਸੰਪਾਦਨ ਅਤੇ ਪ੍ਰਕਾਸ਼ਨ ਕਰਵਾਇਆ। ਬੱਚਿਆਂ ਦੀ ਰੁਚੀ ਅਤੇ ਮਾਨਸਿਕ ਵਿਕਾਸ ਦੀ ਲੋੜ ਦਾ ਇਸ ਪਤ੍ਰਿਕਾ ਵਿੱਚ ਖ਼ਾਸ ਧਿਆਨ ਰੱਖਿਆ ਗਿਆ ਸੀ।

          ਰਾਮ ਨਰੇਸ਼ ਤ੍ਰਿਪਾਠੀ ਸਰਬਪੱਖੀ ਸ਼ਖ਼ਸੀਅਤ ਦਾ ਮਾਲਕ ਸੀ। ਉਸ ਦੀ ਪ੍ਰਸਿੱਧੀ ਦਾ ਮੁੱਖ-ਕਾਰਨ ਉਸ ਦਾ ਕਵੀ ਰੂਪ ਸੀ। ਨੌਜਵਾਨ ਪੀੜ੍ਹੀ ਨੂੰ ਦੇਸ-ਭਗਤੀ ਦੀ ਪ੍ਰੇਰਨਾ ਪ੍ਰਦਾਨ ਕਰਨਾ ਉਸ ਦੀ ਵਿਸ਼ੇਸ਼ ਉਪਲਬਧੀ ਰਹੀ ਹੈ। ਗ਼ੁਲਾਮੀ ਦਾ ਦਰਦ ਤਾਂ ਬਹੁਤ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਿਆਨ ਕੀਤਾ ਪਰ ਤ੍ਰਿਪਾਠੀ ਨੇ ਨਵੀਨ ਚੇਤਨਾ ਅਤੇ ਆਪਣੇ ਅਧਿਕਾਰਾਂ ਪ੍ਰਤਿ ਜਾਗਰੂਕਤਾ ਦਾ ਜੋ ਬੀੜਾ ਚੁੱਕਿਆ ਸੀ ਉਹ ਵਿਸ਼ੇਸ਼ ਰੂਪ ਨਾਲ ਪ੍ਰਸੰਸਾਯੋਗ ਹੈ। ਸੰਪਾਦਨ ਦੇ ਖੇਤਰ ਵਿੱਚ ‘ਪੇਂਡੂ ਗੀਤਾਂ’ ਨੂੰ ਸਥਾਨ ਦੇਣ ਵਾਲਾ ਇਹ ਪਹਿਲਾ ਵਿਅਕਤੀ ਸੀ। ਸਾਹਿਤ ਦੇ ਹਰ ਖੇਤਰ ਵਿੱਚ ਤ੍ਰਿਪਾਠੀ ਦਾ ਸਥਾਨ ਬਹੁਤ ਵਿਲੱਖਣ ਹੈ।


ਲੇਖਕ : ਨੈਨਾ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.